ਅੱਜਕਲ੍ਹ ਉਤਰਾਖੰਡ ਵਿੱਚ ਰਾਸ਼ਟਰੀ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਦੇ ਤ੍ਰਿਸ਼ੂਲ ਹਾਲ ‘ਚ ਹੋਈਆਂ 38ਵੀਆਂ ਰਾਸ਼ਟਰੀ ਖੇਡਾਂ ‘ਚ ਪੰਜਾਬ ਦੀ ਸਿਫਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾਵਾਂ ਦੇ 50 ਮੀਟਰ 3 ਪੁਜ਼ੀਸ਼ਨ ਸ਼ੂਟਿੰਗ ਈਵੈਂਟ ‘ਚ ਸੋਨ ਤਮਗਾ ਜਿੱਤਿਆ, ਜਦਕਿ ਪੰਜਾਬ ਦੀ ਅੰਜੁਮ ਨੇ ਚਾਂਦੀ ਦਾ ਤਮਗਾ ਅਤੇ ਤੇਲੰਗਾਨਾ ਦੀ ਸੁਰਭੀ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ।
ਚੋਟੀ ਦੇ ਨਿਸ਼ਾਨੇਬਾਜ਼ਾਂ ਵਿਚਾਲੇ ਹੋਏ ਇਸ ਸਖਤ ਮੁਕਾਬਲੇ ‘ਚ ਕੇਰਲ ਦੀ ਵਿਦਿਸ਼ਾ ਵਿਨੋਦ ਨੇ ਨੀਲ ਦੀ ਪੁਜ਼ਿਸ਼ਨ ਤੋਂ ਬਾਅਦ ਬੜ੍ਹਤ ਹਾਸਲ ਕੀਤੀ ਸੀ, ਪਰ ਉਹ ਅਖੀਰ ਤੱਕ ਇਸ ਨੂੰ ਬਰਕਰਾਰ ਨਹੀਂ ਰੱਖ ਸਕੀ। ਸਿਫ਼ਤ ਕੌਰ ਸਮਰਾ ਨੇ 461.2 ਦੇ ਸਕੋਰ ਨਾਲ ਸੋਨ ਤਮਗਾ, ਅੰਜੁਮ ਮੌਦਗਿਲ ਨੇ 458.7 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਸੁਰਭੀ ਭਾਰਦਵਾਜ ਰਾਪੋਲ ਨੇ 448.8 ਦੇ ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੋਹਾਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਦੇਸ਼ ਸਣੇ ਪੰਜਾਬ ਦਾ ਮਾਣ ਹੋ। ਮਾਪਿਆਂ ਤੇ ਕੋਚ ਸਾਹਿਬਾਨ ਨੂੰ ਵੀ ਮੁਬਾਰਕਾਂ।
ਸਿਫਤ ਕੌਰ ਸਮਰਾ ਨੇ ਆਪਣੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, “ਇਹ ਮੇਰੇ ਲਈ ਓਲੰਪਿਕ ਤੋਂ ਬਾਅਦ ਇਕ ਤਰ੍ਹਾਂ ਦੀ ਵਾਪਸੀ ਸੀ। ਮੈਂ ਕੋਈ ਬ੍ਰੇਕ ਨਹੀਂ ਲਿਆ ਅਤੇ ਲਗਾਤਾਰ ਅਭਿਆਸ ਕੀਤਾ। ਮੈਂ ਖੁਸ਼ ਹਾਂ ਕਿ ਮੇਰੀ ਮਿਹਨਤ ਰੰਗ ਲਿਆਈ ਅਤੇ ਮੈਂ ਸੋਨ ਤਮਗਾ ਜਿੱਤ ਸਕੀ। “ਇਹ ਹੋਰ ਵੀ ਵਧੀਆ ਮਹਿਸੂਸ ਹੁੰਦਾ ਹੈ ਕਿ ਮੇਰੇ ਸੂਬੇ ਦੀ ਸਾਥੀ ਅੰਜੁਮ ਨੇ ਵੀ ਚਾਂਦੀ ਦਾ ਤਮਗਾ ਜਿੱਤਿਆ। ਇਸ ਤਰ੍ਹਾਂ ਦੇ ਫਾਈਨਲ ਵਿਚ ਜਦੋਂ ਦੇਸ਼ ਵਿੱਚ ਸਭ ਤੋਂ ਵਧੀਆ ਨਿਸ਼ਾਨੇਬਾਜ਼ ਹੁੰਦੇ ਹਨ, ਤਾਂ ਛੋਟੀਆਂ-ਛੋਟੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਰਹਿੰਦਾ ਤੇ ਰੱਬ ਦੀ ਅਸ਼ੀਰਵਾਦ ਨਾਲ ਮੈਂ ਕੋਈ ਵੱਡੀ ਗਲਤੀ ਨਹੀਂ ਕੀਤੀ।”
ਚਾਂਦੀ ਦਾ ਤਗਮਾ ਜਿੱਤਣ ਵਾਲੀ ਅੰਜੁਮ ਮੌਦਗਿਲ ਨੇ ਕਿਹਾ, “ਇਹ ਤੀਜੀ ਵਾਰ ਹੈ ਜਦੋਂ ਸਿਫਤ ਅਤੇ ਮੈਂ ਨੈਸ਼ਨਲ ਖੇਡਾਂ ਦੇ ਪੋਡੀਅਮ ‘ਤੇ ਇਕੱਠੇ ਖੜੇ ਹੋਏ ਹਾਂ। ਉਹ ਇੱਕ ਮਹਾਨ ਖਿਡਾਰੀ ਹੈ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਉਸਨੇ ਦੇਸ਼ ਲਈ ਕਿੰਨਾ ਕੁਝ ਕੀਤਾ ਹੈ। ਸ਼ੁਰੂਆਤ ਵਿੱਚ ਮੇਰੇ ਸਕੋਰ ਚੰਗੇ ਨਹੀਂ ਸਨ, ਪਰ ਮੈਂ ਆਪਣਾ ਸਕੋਰ ਰੱਖਿਆ ਅਤੇ ਪੋਡੀਅਮ ਤੱਕ ਪਹੁੰਚਣ ਵਿੱਚ ਸਫਲ ਰਹੀ, ਇਹ ਹੁਣ ਤੱਕ ਦੀ ਸਭ ਤੋਂ ਵਧੀਆ ਸ਼ੂਟਿੰਗ ਰੇਂਜ ਸੀ ਅਤੇ ਪ੍ਰੋਗਰਾਮ ਨੂੰ ਵੀ ਸੁੰਦਰ ਢੰਗ ਨਾਲ ਆਯੋਜਿਤ ਕੀਤਾ ਗਿਆ ਸੀ।”
ਇਹ ਵੀ ਪੜ੍ਹੋ : ਪਹਿਲੀ ਵਾਰ ਬਠਿੰਡਾ ‘ਚ ਹੋਣ ਜਾ ਰਿਹਾ ਅੰਤਰਰਾਸ਼ਟਰੀ ਥੀਏਟਰ ਫੈਸਟੀਵਲ, 5 ਦਿਨ ਹੋਵੇਗਾ ਵਿਸ਼ਵ ਪ੍ਰਸਿੱਧ ਨਾਟਕਾਂ ਦਾ ਮੰਚਨ
ਪੁਰਸ਼ਾਂ ਦੇ 10 ਮੀਟਰ ਪਿਸਟਲ ਮੁਕਾਬਲੇ ਵਿੱਚ ਕਰਨਾਟਕ ਦੇ ਜੋਨਾਥਨ ਐਂਥਨੀ ਨੇ ਸੋਨ ਤਗਮਾ ਜਿੱਤਿਆ, ਜਦਕਿ ਸਰਵਿਸਿਜ਼ ਦੇ ਦੋ ਨਿਸ਼ਾਨੇਬਾਜ਼ ਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ। 38ਵੀਆਂ ਨੈਸ਼ਨਲ ਖੇਡਾਂ ‘ਚ ਦੇਸ਼ ਦੇ ਸਰਵੋਤਮ ਐਥਲੀਟ ਲਗਾਤਾਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਵੱਖ-ਵੱਖ ਮੁਕਾਬਲਿਆਂ ‘ਚ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .