![](https://dailypost.in/wp-content/uploads/2025/02/aap.png)
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਫ ਹੋ ਗਏ ਹਨ ਤੇ 27 ਸਾਲ ਬਾਅਦ ਭਾਜਪਾ ਸੱਤਾ ਵਿਚ ਵਾਪਸੀ ਕਰ ਰਹੀ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਿਹੜੇ ਨਤੀਜਿਆਂ ਦੀ ਉਮੀਦ ਲਗਾ ਕੇ ਬੈਠੀ ਸੀ, ਉਸ ਦੇ ਉਲਟ ਨਤੀਜੇ ਆਉਣ ਨਾਲ ਪਾਰਟੀ ਨੇਤਾਵਾਂ ਵਿਚ ਨਿਰਾਸ਼ਾ ਹੈ। 8 ਸੀਟਾਂ ‘ਤੇ ਕਾਬਜ਼ ਭਾਜਪਾ ਇਸ ਵਾਰ 48 ਸੀਟਾਂ ਤੱਕ ਪਹੁੰਚ ਗਈ ਜਦੋਂ ਕਿ ਆਮ ਆਦਮੀ ਪਾਰਟੀ 62 ਸੀਟਾਂ ਤੋਂ 22 ‘ਤੇ ਲੁੜਕ ਗਈ।
ਇਨ੍ਹਾਂ ਸਭ ਦੇ ਦਰਮਿਆਨ ਹੁਣ ਸਵਾਲ ਇਹ ਉਠਦਾ ਹੈ ਕਿ ਇੰਨੇ ਐਲਾਨ ਤੇ ਯੋਜਨਾਵਾਂ ਦੇ ਬਾਅਦ ਵੀ ਦਿੱਲੀ ਦੀ ਜਨਤਾ ‘ਆਪ’ ਨੂੰ ਵਾਪਸ ਕਿਉਂ ਨਹੀਂ ਲੈ ਕੇ ਆਈ। ਇਸ ਦੇ ਕਈ ਕਾਰਨ ਹਨ- 10 ਸਾਲ ਤੱਕ ਸੱਤਾ ਵਿਚ ਰਹਿਣ ਦੇ ਬਾਅਦ ਆਮ ਆਦਮੀ ਪਾਰਟੀ ਨੂੰ ਇਸ ਵਾਰ ਐਂਟੀ ਇੰਕਮਬੇਂਸੀ ਦਾ ਸਾਹਮਣਾ ਕਰਨਾ ਪਿਆ। ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਭਾਵੇਂ ਹੀ ਪਾਰਟੀ ਨੇ ਚੰਗਾ ਰਿਜ਼ਲਟ ਦਿੱਤਾ ਹੋਵੇ ਪਰ ਖਰਾਬ ਏਅਰ ਕੁਆਲਿਟੀ ਤੇ ਯਮੁਨਾ ਦਾ ਪ੍ਰਦੂਸ਼ਿਤ ਪਾਣੀ ਨਾਰਾਜ਼ਗੀ ਦੀ ਇਕ ਵੱਡੀ ਵਜ੍ਹਾ ਰਹੀ।
‘ਸ਼ਰਾਬ-ਸ਼ੀਸ਼ਮਹੱਲ’ ਨੇ ਵਿਗਾੜੀ ਕੇਜਰੀਵਾਲ ਦੀ ਇਮੇਜ
ਅਰਵਿੰਦ ਕੇਜਰੀਵਾਲ ਹਮੇਸ਼ਾ ਤੋਂ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਆਵਾਜ਼ ਉਠਾਉਂਦੇ ਨਜ਼ਰ ਆਏ ਪਰ ਇਸ ਵਾਰ ਉਨ੍ਹਾਂ ਦੀ ਇਮੇਜ ‘ਤੇ ਕਈ ਚੀਜ਼ਾਂ ਦੀ ਵਜ੍ਹਾ ਤੋਂ ਦਾਗ ਲੱਗ ਗਏ। ਇਨ੍ਹਾਂ ਵਿਚ ਆਬਕਾਰੀ ਨੀਤੀ ਨਾਲ ਜੁੜਿਆ ਕਥਿਤ ਮਨੀ ਲਾਂਡਰਿੰਗ ਕੇਸ ਦੀ ਇਕ ਵਜ੍ਹਾ ਰਹੀ। ਭਾਜਪਾ ਨੇ ਦੋਸ਼ ਲਗਾਇਆ ਸੀ ਕਿ ਆਪ ਸਰਕਾਰ ਦਿੱਲੀ ਨੂੰ ‘ਸ਼ਰਾਬੀਆਂ ਦਾ ਸ਼ਹਿਰ ਬਣਾਉਣਾ ਚਾਹੁੰਦੀ ਹੈ ਤੇ ਠੇਕੇ ਦੇਣ ਲਈ ਸੈਂਕੜੇ ਕਰੋੜ ਖਰਚ ਕਰਨ ਨੂੰ ਰਾਜੀ ਹੈ।
ਇਸ ਤੋਂ ਇਲਾਵਾ ‘ਸ਼ੀਸ਼ ਮਹੱਲ’ ਦਾ ਵਿਵਾਦ ਵੀ ਸੁਰਖੀਆਂ ਵਿਚ ਰਿਹਾ ਜਿਸ ਨੇ ਅਰਵਿੰਦ ਕੇਜਰੀਵਾਲ ਦੀ ਇਮੇਜ ਨੂੰ ਧੁੰਦਲਾ ਕੀਤਾ। ਸੀਏਜੀ ਰਿਪੋਰਟ ਵਿਚ ਸਾਹਮਣੇ ਆਇਆ ਸੀ ਕਿ ਸੀਐੱਮ ਰਿਹਾਇਸ਼ ਬਣਾਉਣ ਵਿਚ 7.91 ਤੋਂ ਲੈ ਕੇ 33.66 ਕਰੋੜ ਰੁਪਏ ਲੱਗੇ ਸਨ।
ਰੇਵੜੀਆਂ ਦੀ ਬੌਛਾਰ ਪਰ ਅਸਲ ਵਿਕਾਸ ਵਿਚ ਕਮੀ
ਆਮ ਆਦਮੀ ਪਾਰਟੀ ਨੇ ਜਨ ਕਲਿਆਣਕਾਰੀ ਨੀਤੀਆਂ ਦੇ ਨਾਂ ‘ਤੇ ਦਿੱਲੀ ਵਿਚ ਫ੍ਰੀ ਬਿਜਲੀ, ਫ੍ਰੀ ਪਾਣੀ, ਮਹਿਲਾਵਾਂ ਲਈ ਫ੍ਰੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਸੀ ਹਾਲਾਂਕਿ ਜਨਤਾ ਦਾ ਦਾਅਵਾ ਹੈ ਕਿ ਇੰਫਰਾਸਟ੍ਰਕਚਰ ਡਿਵੈਲਪਮੈਂਟ ਤੇ ਉਸ ਦੇ ਰੱਖ-ਰਖਾਅ ਦੇ ਪੱਧਰ ‘ਚ ਕੋਈ ਖਾਸ ਬਦਲਾਅ ਨਹੀਂ ਦਿਖਿਆ। ਸੜਕਾਂ ਤੇ ਸੀਵਰੇਜ ਦੀ ਖਰਾਬ ਹਾਲਤ ਤੋਂ ਦਿੱਲੀ ਦੀ ਜਨਤਾ ਨਾਰਾਜ਼ ਸੀ।
ਸਾਲ 2015 ਤੇ 2020 ਵਿਚ ਭਾਵੇਂ ਹੀ ਆਪ ਨੂੰ ਇਨ੍ਹਾਂ ਰੇਵੜੀਆਂ ਦੇ ਚੱਲਦੇ ਕਾਫੀ ਵੋਟਾਂ ਮਿਲੀਆਂ ਪਰ ਇਸ ਵਾਰ ਜਨਤਾ ਨੇ ਅਧੂਰੇ ਵਾਅਦਿਆਂ ‘ਤੇ ਵੀ ਧਿਆਨ ਦਿੱਤਾ। ਉਦਾਹਰਣ ਵਜੋਂ ਪਾਈਪ ਵਾਟਰ ਕਨੈਕਸ਼ਨ ਦਾ ਸਾਲ 2015 ਵਿਚ ਕੀਤਾ ਗਿਆ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਸੀ। ਦਿੱਲੀ ਨੂੰ ਪੂਰਨ ਰਾਜ ਬਣਾਉਣ ਦਾ ਵੀ ਪੂਰਾ ਨਹੀਂ ਹੋਇਆ। ਇਸ ਤੋਂ ਇਲਾਵਾ ਰੋਜ਼ਗਾਰ ਬਜਟ ਵਿਚ ਵੀ 20 ਲੱਖ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਸੀ।
‘ਆਪ’ ਦੇ ਵੱਡੇ ਨੇਤਾਵਾਂ ਦਾ ਬਾਗੀ ਹੋਣਾ ਵੀ ਰਹੀ ਵਜ੍ਹਾ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਪਾਰਟੀ ਛੱਡੇ ਜਾਣ ਦਾ ਵੀ ਇਸ ਨੂੰ ਵੱਡਾ ਨੁਕਸਾਨ ਹੋਇਆ। ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਮਯੰਕ ਗਾਂਧੀ ਤੇ ਕੁਮਾਰ ਵਿਸ਼ਵਾਸ ਦੀ ਅਲਵਿੰਦ ਕੇਜਰੀਵਾਲ ਨਾਲ ਅਸਹਿਮਤੀ ਤੇ ਉਨ੍ਹਾਂ ਦੇ ਕਥਿਤ ‘ਮਨਮਾਨੀ’ ਵਾਲੇ ਰਵੱਈਏ ਨੂੰ ਲੈ ਕੇ ਵੀ ਨੁਕਸਾਨ ਦੇਖਿਆ ਜਾ ਸਕਦਾ ਹੈ।
MCD ‘ਚ ‘ਆਪ’ ਦੀ ਜਿੱਤ, ਫਾਇਦਾ ਜਾਂ ਨੁਕਸਾਨ
ਸਾਲ 2022 ਵਿਚ ਹੋਈਆਂ ਐੱਮਸੀਡੀ ਦੀਆਂ ਚੋਣਾਂ ਵਿਚ ਪਾਰਟੀ ਦੀ ਇਕਤਰਫਾ ਜਿੱਤ ਹੋਈ ਸੀ। ਹਾਲਾਂਕਿ ਇਸ ਜਿੱਤ ਨੇ ਆਪ ਨੂੰ ਫਾਇਦੇ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ। ਆਪ ਨੇ ਦਿੱਲੀ ਵਿਚ ਵਰਲਡ ਕਲਾਸ ਰੋਡ ਤੇ ਸਾਫ ਸ਼ਹਿਰ ਦਾ ਵਾਅਦਾ ਕੀਤਾ ਸੀ ਪਰ ਦੋਵੇਂ ਹੀ ਵਾਅਦਿਆਂ ‘ਤੇ ‘ਆਪ’ ਖਰੀ ਨਹੀਂ ਉਤਰੀ।
ਕਾਂਗਰਸ ਦਾ ਸਾਥ ਛੱਡਣ ਦਾ ਵੀ ਹੋਇਆ ਨੁਕਸਾਨ
ਦਿੱਲੀ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਗਠਜੋੜ ਕੀਤਾ ਸੀ ਪਰ ਇਸ ਦੇ ਤੁਰੰਤ ਬਾਅਦ ਦਿੱਲੀ ਵਿਚ ਆਪ ਤੇ ਕਾਂਗਰਸ ਆਹਮੋ-ਸਾਹਮਣੇ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਜਨਤਾ ਦੇ ਸਾਹਮਣੇ ਸਿਆਸੀ ਦਲਾਂ ਦੇ ਵਿਚ ਇਕਜੁੱਟਤਾ ਨੂੰ ਲੈ ਕੇ ਗਲਤ ਸੰਦੇਸ਼ ਪਹੁੰਚਿਆ। ਦੂਜੇ ਪਾਸੇ ਭਾਜਪਾ ਨੇ ਦਿੱਲੀ ਚੋਣਾਂ ਵਿਚ ਹੀ ਨਿਤੀਸ਼ ਕੁਮਾਰ ਦੀ ਜੇਡੀਯੂ ਤੇ ਚਿਰਾਗ ਪਾਸਵਾਨ ਲੋਜਪਾ ਨੂੰ ਸੀਟਾਂ ਦੇ ਕੇ ਜਨਤਾ ਨੂੰ ਇਕਜੁੱਟਤਾ ਦਾ ਸੰਦੇਸ਼ ਪਹੁੰਚਾਇਆ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ similar ਤੇ See archetypal ਕਰੋ .