ਅਮਰੀਕਾ ਤੋਂ 205 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿਚੋਂ 104 ਭਾਰਤੀ 2 ਦਿਨ ਪਹਿਲਾਂ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰੇ ਸਨ । ਇਨ੍ਹਾਂ ਵਿਚ 31 ਪੰਜਾਬੀ ਵੀ ਸ਼ਾਮਲ ਹਨ, ਜੋ ਕਿ ਹੁਣ ਅਮਰੀਕਾ ਵਿਚ ਉਨ੍ਹਾਂ ਨਾਲ ਹੋਈ ਹੱਡਬੀਤੀ ਬਿਆਨ ਕਰ ਰਹੇ ਹਨ। ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਪਰਤੇ ਮਨਦੀਪ ਸਿੰਘ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਭਾਰਤ ਤੋਂ ਪਹਿਲਾਂ ਸਪੇਨ ਗਿਆ ਸੀ ਤੇ ਸਪੇਨ ਤੋਂ ਅਮਰੀਕਾ ਤੱਕ ਦੀ ਉਸ ਨੇ ਡੌਂਕੀ ਲਗਾਈ ਸੀ ਜੋ ਕਿ ਬਹੁਤ ਹੀ ਕਸ਼ਟਾਂ ਨਾਲ ਭਰਪੂਰ ਸੀ। ਮਨਦੀਪ ਨੇ ਕਿਹਾ ਕਿ ਮੇਰੇ ਵਰਗੇ ਦਿਨ ਕਿਸੇ ਨੂੰ ਨਾ ਦਿਖਾਵੇ। ਨਾ ਤਾਂ ਖਾਣ ਨੂੰ ਮਿਲਿਆ ਤੇ ਨਾ ਹੀ ਸੌਣ ਨੂੰ ਜਗ੍ਹਾ। ਕਈ ਵਾਰ ਤਾਂ ਇਹੋ ਜਿਹੀ ਜਗ੍ਹਾ ਉਤੇ ਸੌਣਾ ਪੈਂਦਾ ਸੀ ਜਿਥੇ ਕੀੜੀਆਂ ਦੇ ਘੁੰਨ ਲੱਗੇ ਹੁੰਦੇ ਸਨ। ਜੰਗਲਾਂ ਵਿਚ ਰਾਤਾਂ ਕੱਟੀਆਂ। ਮੇਰੇ ਏਜੰਟ ਨੇ ਮੈਨੂੰ ਬਹੁਤ ਤੰਗ ਕੀਤਾ ਤੇ ਏਜੰਟ ਵੱਲੋਂ ਪੈਸੇ ਦੀ ਪੇਮੈਂਟ ਨਾ ਹੋਣ ਕਰਕੇ ਮੈਨੂੰ ਰਸਤੇ ਵਿਚ ਕੁੱਟਿਆ ਗਿਆ।
ਮਨਦੀਪ ਸਿੰਘ ਨੇ ਦੱਸਿਆ ਕਿ ਮੈਂ ਸਭ ਤੋਂ ਪਹਿਲਾਂ ਦੁਬਈ ਗਿਆ, ਰਮੀਨੀਆ ਤੋਂ ਸਰਬੀਆ ਤੇ ਸਰਬੀਆ ਤੋਂ ਹੰਗਰੀ, ਆਸਟਰੀਆ ਤੋਂ ਇਟਲੀ, ਫਰਾਂਸ, ਪੁਰਤਗਾਲ ਤੇ ਸਪੇਨ ਆਇਆ ਤੇ ਇਸ ਤੋਂ ਬਾਅਦ ਏਜੰਟ ਨੇ ਮੈਨੂੰ 15 ਦਿਨਾਂ ਵਿਚ ਅਮਰੀਕਾ ਜਾਣ ਦਾ ਭਰੋਸਾ ਦਿੱਤਾ। ਏਜੰਟ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਮੈਨੂੰ 1 ਨੰਬਰ ਵਿਚ ਅਮਰੀਕਾ ਪਹੁੰਚਾਏਗਾ ਪਰ ਏਜੰਟ ਨੇ ਮੈਨੂੰ ਧੋਖਾ ਦਿੱਤਾ ਤੇ 15 ਦਿਨਾਂ ਵਿਚ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਪਰ ਮੈਨੂੰ ਜੰਗਲਾਂ ਰਾਹੀਂ ਅਮਰੀਕਾ ਪਹੁੰਚਣ ਵਿਚ 2 ਤੋਂ ਢਾਈ ਮਹੀਨੇ ਲੱਗ ਗਏ।
ਇਹ ਵੀ ਪੜ੍ਹੋ : ਡਿਪੋਰਟੇਸ਼ਨ ਨੂੰ ਲੈ ਕੇ ਭਾਰਤੀਆਂ ਰਾਹਤ, USA ਦੀ ਕੋਰਟ ਨੇ ਟਰੰਪ ਦੇ ਹੁਕਮਾਂ ‘ਤੇ ਲਾਈ ਰੋਕ
ਜਦੋਂ ਮੈਂ ਮੈਕਸੀਕੋ ਪਹੁੰਚਿਆ ਤਾਂ ਮੇਰੀ ਰੋਟੀ ਬੰਦ ਕਰ ਦਿੱਤੀ ਗਈ ਕਿਉਂਕਿ ਮੈਨੂੰ ਇਹ ਕਿਹਾ ਗਿਆ ਕਿ ਤੇਰੇ ਏਜੰਟ ਨੇ ਤੇਰਾ ਖਰਚਾ ਨਹੀਂ ਭੇਜਿਆ। ਫਿਰ ਮੈਂ ਖੁਦ ਦੇ ਖਰਚੇ ਨਾਲ ਰੋਟੀ ਖਾਧੀ। ਮੈਂ ਸਪੇਨ ਤੋਂ 35 ਲੱਖ ਰੁਪਏ ਅਮਰੀਕਾ ਜਾਣ ਦੇ ਲਗਾ ਚੁੱਕਾ ਹਾਂ। ਮੈਕਸੀਕੋ ਵਿਚ ਮਾਫੀਆ ਨੇ ਕਿਹਾ ਕਿ ਤੂੰ ਏਜੰਟ ਨੂੰ ਪੇਮੈਂਟ ਦੇਣ ਲਈ ਕਹਿ। ਪਰ ਪੇਮੈਂਟ ਨਾ ਹੋਣ ਕਾਰਨ ਮੈਨੂੰ ਕੁੱਟਿਆ ਗਿਆ। ਫਿਰ ਇਸ ਤੋਂ ਬਾਅਦ ਮੇਰੀ ਕੁਟਾਈ ਦੀ ਵੀਡੀਓ ਡੌਂਕਰ ਨੂੰ ਪਾਈ ਪਰ ਫਿਰ ਵੀ ਉਸ ਨੇ ਪੇਮੈਂਟ ਨਹੀਂ ਕੀਤੀ। ਇਸ ਤੋਂ ਬਾਅਦ ਮੈਨੂੰ ਅਰਮਾਸੀਲੋ ਲੈ ਗਏ। ਅਰਮਾਸੀਲੋ ਲੈ ਕੇ ਮੇਰੇ ਕੋਲੋਂ ਫੋਨ ਖੋਹ ਲਿਆ। ਪੇਮੈਂਟ ਨਾ ਆਉਣ ਕਰਕੇ ਮੈਨੂੰ ਟੈਕਸੀ ਵਿਚ ਪਾ ਦਿੱਤਾ ਗਿਆ। ਸਾਰੇ ਬਾਰਡਰ ਕਰਾਸ ਕਰ ਰਹੇ ਸਨ। ਟੈਕਸੀ ਵਿਚੋਂ ਕੱਢ ਕੇ ਮੈਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ। ਉਥੇ ਮੈਨੂੰ 13 ਦਿਨ ਰੱਖਿਆ ਗਿਆ ਤੇ ਮੇਰੀ ਬੁਰੀ ਤਰ੍ਹਾਂ ਕੁਟਾਈ ਕੀਤੀ ਗਈ। 3-4 ਦਿਨ ਰੋਟੀ ਨਹੀਂ ਦਿੱਤੀ ਗਈ ਤੇ ਉਥੇ ਫਲੱਸ਼ ਦੇ ਪਿੱਛੇ ਵਾਲੀ ਸੀਟ’ਚੋਂ ਮੈਂ ਪਾਣੀ ਪੀਤਾ। ਕੁਝ ਨਾ ਖਾਣ-ਪੀਣ ਕਰਕੇ ਮੇਰਾ ਸਰੀਰ ਕੰਬਦਾ ਸੀ।
ਮੈਂ 22 ਜਨਵਰੀ ਨੂੰ ਮੈਕਸੀਕੋ ਪਹੁੰਚਿਆ ਸੀ ਤੇ 12-13 ਦਿਨਾਂ ਬਾਅਦ ਡਿਪੋਰਟ ਕੀਤਾ। ਸਾਨੂੰ ਨਾ ਤਾਂ ਇਮੀਗ੍ਰੇਸ਼ਨ ਲਈ ਗਈ ਤੇ ਨਾ ਹੀ ਕੋਈ ਬਿਆਨ ਲਏ ਗਏ। ਸਾਨੂੰ ਏਅਰਪੋਰਟ ‘ਤੇ ਜਹਾਜ਼ ਵਿਚ ਪਾ ਕੇ ਡਿਪੋਰਟ ਕਰ ਦਿੱਤਾ ਗਿਆ। ਸਾਨੂੰ ਕਮਰੇ ਵਿਚ ਲੱਕ ਨੂੰ ਸੰਗਲ ਨਾਲ ਬੰਨ੍ਹ ਕੇ ਰੱਖਿਆ ਗਿਆ ਤੇ ਖਾਣ ਨੂੰ ਸਿਰਫ ਲੇਜ਼ ਤੇ ਸੇਬ ਮਿਲਦਾ ਸੀ। ਮਨਦੀਪ ਸਿੰਘ ਨੇ ਦੱਸਿਆ ਕਿ ਫਿਰ ਮੇਰੇ ਪਰਿਵਾਰ ਵਾਲਿਆਂ ਨੇ ਕਰਜ਼ਾ ਚੁੱਕ ਕੇ ਨਵਾਂ ਏਜੰਟ ਕੀਤਾ ਤੇ ਮੇਰੀ ਘਰ ਵਾਪਸੀ ਹੋਈ। ਹੁਣ ਮੇਰੀ ਸਰਕਾਰ ਤੋਂ ਮੰਗ ਹੈ ਕਿ ਸਾਡੀ ਮਦਦ ਕੀਤੀ ਜਾਵੇ। ਮਨਦੀਪ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਦਿਨ ਮੈਂ ਦੇਖੇ ਨੇ, ਉਹ ਰੱਬ ਦੁਸ਼ਮਣ ਨੂੰ ਵੀ ਨਾ ਦਿਖਾਵੇ।
ਵੀਡੀਓ ਲਈ ਕਲਿੱਕ ਕਰੋ -: